ਪੰਜਾਬ ਦੇ ਜਾਣੇ ਪਛਾਣੇ ਇੰਜਨੀਅਰ, ਕਵੀ, ਵਾਰਤਕ ਲੇਖਕ, ਨਾਟਕਕਾਰ, ਚਿੱਤਰਕਾਰ, ਕਾਰਟੂਨਿਸਟ, ਫੋਟੋਕਾਰ ਅਤੇ ਸਮਾਜਿਕ ਕਾਰਕੁੰਨ ਵਜੋਂ ਜਸਵੰਤ ਸਿੰਘ ਜ਼ਫ਼ਰ ਜਾਣਿਆ ਪਛਾਣਿਆ ਜਾਂਦਾ ਹੈ। ਉਸ ਦੀਆਂ ਹੁਣ ਤੱਕ ਪੰਜ ਕਾਵਿ ਪੁਸਤਕਾਂ ਜਸਵੰਤ ਜ਼ਫ਼ਰ ਦੇ ਨਾਂ ਹੇਠ ਛਪੀਆਂ। ਇਹਨਾਂ ਤੋਂ ਇਲਾਵਾ ਉਸਦੀਆਂ ਛੇ ਵਾਰਤਕ ਪੁਤਸਕਾਂ ਅਤੇ ਇਕ ਨਾਟਕ ਵੀ ਪ੍ਰਕਾਸ਼ਤ ਹੋ ਚੁੱਕਾ ਹੈ। ਚੋਣਵੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਦੀ ਇਕ-ਇਕ ਪੁਸਤਕ ਵੀ ਛਪ ਚੁੱਕੀ ਹੈ।
ਜਸਵੰਤ ਸਿੰਘ ਜ਼ਫ਼ਰ ਦਾ ਜਨਮ 17 ਦਸੰਬਰ 1965 ਨੂੰ ਉਸ ਦੇ ਨਾਨਕ ਪਿੰਡ ਸੰਘੇ ਖਾਲਸਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਮਾਪਿਆ ਦਾ ਨਾਂ ਜਥੇਦਾਰ ਗੁਰਪਾਲ ਸਿੰਘ ਅਤੇ ਸਰਦਾਰਨੀ ਪ੍ਰਕਾਸ਼ ਕੌਰ। ਉਸ ਦਾ ਪਾਲਣ ਪੋਸ਼ਣ ਉਸਦੇ ਜੱਦੀ ਪਿੰਡ ਮਹਿਸਮਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਬਾਅਦ ਵਿਚ ਉਸਦਾ ਪਰਿਵਾਰ ਪਿੰਡ ਗਹਿਲੇਵਾਲ (ਨੇੜੇ ਕੂਮ ਕਲਾਂ) ਜ਼ਿਲ੍ਹਾ ਲੁਧਿਆਣਾ ਵਿਚ ਰਹਿਣ ਲੱਗਾ। ਸਕੂਲੀ ਪੜ੍ਹਾਈ ਪੰਜ ਪੇਂਡੂ ਸਰਕਾਰੀ ਸਕੂਲਾਂ: ਸਰਕਾਰੀ ਪ੍ਰਾਇਮਰੀ ਸਕੂਲ ਮਹਿਸਮਪੁਰ, ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣਪੁਰ (ਨੇੜੇ ਲਾਂਬੜਾ), ਸਰਕਾਰੀ ਮਿਡਲ ਸਕੂਲ ਮਹਿਸਮਪੁਰ, ਸਰਕਾਰੀ ਸਕੂਲ ਬੀੜ ਬੰਸੀਆਂ, ਜੱਜਾ, ਢੀਂਡਸਾ ਅਤੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਕੀਤੀ।